ਹਰ ਸਿੱਖ ਪਛੜੇ ਇਲਾਕਿਆਂ ਵਿੱਚ ਵਸਦੇ ਸਿੱਖਾਂ ਦੀ ਸਾਂਭ ਸੰਭਾਲ ਲਈ ਅੱਗੇ ਆਵੇ – ਜਥੇਦਾਰ ਗੁਰਿੰਦਰ ਸਿੰਘ ਰਾਜਾ

ਹਰ ਸਿੱਖ ਪਛੜੇ ਇਲਾਕਿਆਂ ਵਿੱਚ ਵਸਦੇ ਸਿੱਖਾਂ ਦੀ ਸਾਂਭ ਸੰਭਾਲ ਲਈ ਅੱਗੇ ਆਵੇ – ਜਥੇਦਾਰ ਗੁਰਿੰਦਰ ਸਿੰਘ ਰਾਜਾ

ਅਸੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਣ ਲਈ ਇਕ ਸਾਲ ਦੇ ਸਮੇਂ ਦੌਰਾਨ ਅਨੇਕਾਂ ਵਾਰ ਨਗਰ ਕੀਰਤਨ ਕੱਢਦੇ ਹਾਂ ਅਤੇ ਲੰਗਰ ਲਗਾਉਂਦੇ ਹਾਂ । ਅਸੀ ਗੁਰੂ ਸਾਹਿਬ ਦੀਆਂ ਅਸੀਸਾਂ ਲੈਣ ਲਈ ਸ਼ਰੀਰਕ ਤੌਰ ਤੇ ਹਰ ਸੰਭਵ ਸੇਵਾ ਕਰਦੇ ਹਾਂ । ਪਰ ਕੁੱਝ ਪਿੰਡ ਅਜਿਹੇ ਵੀ ਹਨ ਜੋ ਸੰਪਰਕ ਜਾਂ ਆਵਾਜਾਈ ਦੀ ਘਾਟ ਕਾਰਨ ਸਰਕਾਰੀ ਸਹੂਲਤਾਂ ਤੋਂ ਤਾਂ ਦੂਰ ਨੇ ਬਲਕਿ ਸਿੱਖੀ ਤੋਂ ਵੀ ਦੂਰ ਜਾ ਰਹੇ ਹਨ । ਕਈ ਪਿੰਡ ਅਜਿਹੇ ਵੀ ਹਨ ਜਿੱਥੇ 75 ਸਾਲ ਬਾਅਦ ਪਹਿਲੀ ਵਾਰ ਨਗਰ ਕੀਰਤਨ ਕੱਢਿਆ ਗਿਆ ਅਤੇ ਪੰਜ ਪਿਆਰੇ ਵੀ ਕਿਸੇ ਹੋਰ ਪਿੰਡ ਤੋਂ ਆਏ । ਅੱਜ ਸਾਨੂੰ ਸਾਰਿਆਂ ਨੂੰ ਮੱਖਣ ਸ਼ਾਹ ਲੁਭਾਣਾ ਦੀ ਤਰਾਂ ਉਹਨਾਂ ਪਿੰਡਾਂ ਨੂੰ ਲੱਭਣਾ ਪੈਣਾ ਹੈ ਅਤੇ ਉਹਨਾਂ ਦੀ ਹਰ ਸੰਭਵ ਮਦਦ ਅਤੇ ਸਿੱਖੀ ਵਿੱਚ ਵਾਪਸੀ ਲਈ ਜਤਨ ਕਰਨੇ ਚਾਹੀਦੇ ਹਨ ਤਾਂ ਕਿ ਪਛੜੇ ਪਿੰਡਾਂ ਦੀ ਖੁਸ਼ਹਾਲੀ ਪਿੱਛੇ ਬੈਠੇ ਗੁਰੂ ਸਾਹਿਬ ਸਾਨੂੰ ਖੁਸ਼ੀਆਂ ਬਖਸ਼ਣ । ਇਹ ਸ਼ਬਦ ਜਥੇਦਾਰ ਗੁਰਿੰਦਰ ਸਿੰਘ ਰਾਜਾ ਨੇ ਬਾਬਾ ਬਕਾਲਾ ਨੇੜੇ ਪੈਂਦੇ ਪਿੰਡ ਭੈਣੀ ਬਦੇਸ਼ੇ ਵਿਖੇ ਕਰਵਾਏ ਗਏ ਧਰਮ ਪ੍ਰਚਾਰ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ ।
ਪੰਜਾਬ ਅਤੇ ਗੁਵਾਂਢੀ ਰਾਜਾਂ ਵਿੱਚ ਸਮਾਜਿਕ ਕੁਰੀਤੀਆਂ ਨੂੰ ਜੜ੍ਹੋ ਖਤਮ ਕਰਨ ਲਈ ਅਤੇ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਲਈ ਪਿਛਲੇ ਲੰਮੇ ਸਮੇਂ ਤੋਂ ਯਤਨਸ਼ੀਲ ਉੱਗੇ ਸਮਾਜ ਸੇਵੀ ਅਤੇ ਗੁਰ ਫ਼ਤਿਹ ਵੈਲਫ਼ੇਅਰ ਸੋਸਾਇਟੀ ਦੇ ਮੁਖੀ ਜਥੇਦਾਰ ਗੁਰਿੰਦਰ ਸਿੰਘ ਰਾਜਾ ਵੱਲੋਂ ਚਲਾਈ ਜਾ ਰਹੀ ਗੁਰ ਫਤਿਹ ਗੁਰਮਤਿ ਪ੍ਰਚਾਰ ਮੁਹਿੰਮ ਅਤੇ ਧਰਮ ਪ੍ਰਚਾਰ ਲਹਿਰ ਦੌਰਾਨ 800 ਤੋਂ ਵੱਧ ਪਿੰਡਾਂ ਵਿੱਚ ਪ੍ਰਚਾਰ ਤਹਿਤ, ਲੱਖਾਂ ਲੋਕ ਕੇਸ ਰੱਖਣ ਦਾ ਪ੍ਰਣ ਕਰ ਚੁਕੇ ਹਨ ਅਤੇ ਹਜ਼ਾਰਾਂ ਨੌਜਵਾਨ ਨਸ਼ਾ ਤਿਆਗ ਕੇ ਅਮ੍ਰਿਤਪਾਨ ਕਰ ਚੁਕੇ ਹਨ ।
ਇਸੇ ਲੜ੍ਹੀ ਤਹਿਤ ਅੱਜ 143 ਵੇ ਗੇੜ ਦੇ ਸਮਾਗਮ ਪਿੰਡ ਭੈਣੀ ਬਦੇਸ਼ੇ, ਨੇੜੇ ਬਾਬਾ ਬਕਾਲਾ, ਜ਼ਿਲਾ ਅੰਮ੍ਰਿਤਸਰ, ਵਿਖੇ ਸਥਿਤ ਗੁਰਦੁਆਰਾ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਗ੍ਰੰਥੀ ਭਾਈ ਜੇਠਾ ਸਿੰਘ ਜੀ, ਭਾਈ ਸੁਖਜਿੰਦਰ ਸਿੰਘ, ਭਾਈ ਸਾਹਿਬ ਸਿੰਘ, ਭਾਈ ਬਲਜੀਤ ਸਿੰਘ, ਭਾਈ ਮਰਹਾਬ ਸਿੰਘ, ਭਾਈ ਰਾਜ ਸਿੰਘ ਰਾਜੂ, ਗੁਰਦੁਆਰਾ ਪ੍ਰਬੰਧਕ ਕਮੇਟੀ, ਅਤੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਸਦਕਾ ਕਰਵਾਏ ਗਏ ।
ਇਸ ਮੋਕੇ ਅੰਮ੍ਰਿਤ ਵੇਲੇ ਤੋਂ ਪ੍ਰਚਾਰ ਫੇਰੀ ਕੱਢੀ ਗਈ, ਜਿਸ ਵਿੱਚ ਗੁਰ ਫ਼ਤਿਹ ਵੈਲਫੇਅਰ ਸੁਸਾਇਟੀ ਦੇ ਮੁਖੀ, ਜਥੇਦਾਰ ਗੁਰਿੰਦਰ ਸਿੰਘ ਨੇ ਘਰ ਘਰ ਜਾ ਕੇ ਸੰਗਤਾਂ ਨੂੰ ਨਕਲੀ ਬਾਬਾਵਾਦ, ਨਸ਼ਾ, ਭਰੁਣ ਹੱਤਿਆ, ਕੇਸ ਕਤਲ, ਦਹੇਜ, ਆਦਿ ਸਮਾਜਿਕ ਕੁਰੀਤੀਆਂ ਤੋ ਬਚਣ ਲਈ ਪ੍ਰੇਰਿਆ ਅਤੇ ਸਿੱਖ ਸੰਗਤਾਂ ਨੂੰ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਆ । ਇਸ ਮੌਕੇ ਜਿੰਨਾ ਨੌਜਵਾਨਾਂ ਨੇ ਨਸ਼ਾ ਛੱਡਣ ਅਤੇ ਕੇਸ ਰੱਖਣ ਦਾ ਪ੍ਰਣ ਕੀਤਾ, ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ ।
ਇਸ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਦੀਵਾਨ ਸਜਾਇਆ ਗਿਆ ਜਿਸ ਵਿਚ ਗੁਰ ਫ਼ਤਿਹ ਸੰਗੀਤ ਅਕੈਡਮੀ ਦੇ ਬੱਚਿਆਂ ਅਤੇ ਕੋਆਰਡੀਨੇਟਰ ਬੀਬੀ ਸੁਖਜੀਤ ਕੌਰ , ਬੀਬੀ ਕਵਲਪ੍ਰੀਤ ਕੌਰ ਅਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਜਸ ਰਾਹੀਂ ਨਿਹਾਲ ਕੀਤਾ ।
ਇਸ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਤੋ ਵਿਸ਼ੇਸ਼ ਤੋਰ ਤੇ ਪੁੱਜੇ ਪੰਜ ਪਿਆਰੇ ਸਾਹਿਬਾਨ ਵੱਲੋਂ ਅੰਮ੍ਰਿਤ ਸੰਚਾਰ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਅੰਮ੍ਰਿਤ ਛਕਿਆ ਅਤੇ ਕਕਾਰ ਭੇਟਾ ਰਹਿਤ ਦਿੱਤੇ ਗਏ ।
ਇਸ ਮੋਕੇ ਗੁਰ ਫਤਿਹ ਸੰਸਥਾ ਦੇ ਨਿਰਦੇਸ਼ਕ ਅਤੇ ਮੀਡੀਆ ਸਲਾਹਕਾਰ ਭਾਈ ਹਰਕੀਰਤ ਸਿੰਘ ਪਾਰਸ, ਭਾਈ ਫਤਿਹ ਸਿੰਘ ਹਰਜੀ, ਭਾਈ ਜਗਪ੍ਰੀਤ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਨਰਿੰਦਰ ਸਿੰਘ, ਭਾਈ ਦਿਲਬਾਗ ਸਿੰਘ, ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ ।

Comments

No comments yet. Why don’t you start the discussion?

Leave a Reply

Your email address will not be published. Required fields are marked *